ਨਵੀਂ ਸਨਅਤੀ ਨੀਤੀ ਬਣਾ

ਕੇ ਕਰਾਵਾਂਗੇ ਤਰੱਕੀ: ਅਮਰਿੰਦਰ


ਬਠਿੰਡਾ-ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮਨਪ੍ਰੀਤ ਬਾਦਲ ਨੂੰ ਅਗਲੇ ਖਜ਼ਾਨਾ ਮੰਤਰੀ ਵਜੋਂ ਪੇਸ਼ ਕੀਤਾ। ਅਮਰਿੰਦਰ ਨੇ ਸ਼ਾਮ ਵਕਤ ਬਠਿੰਡਾ (ਸ਼ਹਿਰੀ) ’ਚ ਚੋਣ ਜਲਸੇ ਵਿਚ ਆਖਿਆ ਕਿ ਕਾਂਗਰਸ ਸਰਕਾਰ ਬਣਨ ਤੇ ਮਨਪ੍ਰੀਤ ਬਾਦਲ ਨੂੰ ਖਜ਼ਾਨਾ ਮੰਤਰੀ ਬਣਾਇਆ ਜਾਵੇਗਾ। ਉਸ ਤੋਂ ਪਹਿਲਾਂ ਕਾਂਗਰਸੀ ਉਮੀਦਵਾਰ ਮਨਪ੍ਰੀਤ ਬਾਦਲ ਨੇ ਆਪਣੇ ਭਾਸ਼ਨ ’ਚ ਕੈਪਟਨ ਅਮਰਿੰਦਰ ਤੋਂ ਪੰਜਾਬ ਦੇ ਖਜ਼ਾਨੇ ਦੀ ਕੁੰਜੀ ਮੰਗੀ। ਮਨਪ੍ਰੀਤ ਨੇ ਆਪਣੇ ਅੰਦਾਜ਼ ਵਿਚ ਆਖਿਆ ਕਿ ਉਹ ਬਠਿੰਡਾ ਸ਼ਹਿਰ ਦੇ ਲੋਕਾਂ ਦਾ ਦੇਣ ਨਹੀਂ ਦੇ ਸਕਦੇ ਅਤੇ ਉਹ ਇਨ੍ਹਾਂ ਸ਼ਹਿਰੀ ਲੋਕਾਂ ਦਾ ਕਰਜ਼ਾ ਲਾਹੁਣਾ ਚਾਹੁੰਦੇ ਹਨ ਜਿਸ ਕਰਕੇ ਖਜ਼ਾਨੇ ਦੀ ਕੁੰਜੀ ਮੈਨੂੰ ਦੇ ਦਿਓ।
ਕੈਪਟਨ ਅਮਰਿੰਦਰ ਸਿੰਘ ਨੇ ਉਸ ਮਗਰੋਂ ਆਖਿਆ ਕਿ ਬਠਿੰਡਾ ਪੰਜਾਬ ਦਾ ਪਹਿਲਾ ਸ਼ਹਿਰ ਹੋਵੇਗਾ ਜਿਸ ਨੂੰ ਦੋ ਵਿੱਤ ਮੰਤਰੀ ਦੇਣ ਦਾ ਸੁਭਾਗ ਪ੍ਰਾਪਤ ਹੋਵੇਗਾ। ਪਹਿਲਾਂ ਕਾਂਗਰਸ ਸਰਕਾਰ ਬਣੀ ਸੀ ਤਾਂ ਉਦੋਂ ਇੱਥੋਂ ਚੋਣ ਜਿੱਤੇ ਸੁਰਿੰਦਰ ਸਿੰਗਲਾ ਨੂੰ ਖਜ਼ਾਨਾ ਮੰਤਰੀ ਬਣਾਇਆ ਗਿਆ ਸੀ। ਹੁਣ ਖਜ਼ਾਨਾ ਮਨਪ੍ਰੀਤ ਹਵਾਲੇ ਕਰਾਂਗੇ। ਕੈਪਟਨ ਨੇ ਆਖਿਆ ਕਿ ਮਨਪ੍ਰੀਤ ਨੂੰ ਤਾਂ ਖਜ਼ਾਨਾ ਦਿਆਂਗੇ ਪਰ ਇਸ ਦੇ ਤਾਏ ਪ੍ਰਕਾਸ਼ ਸਿੰਘ ਬਾਦਲ ਨੂੰ ਐਤਕੀਂ ਲੰਬੀ ਤੋਂ ਮਾਂਜ ਦੇਣਾ ਹੈ। ਬਾਦਲ ਨੂੰ ਅਹਿਸਾਸ ਕਰਾ ਦੇਣਾ ਹੈ ਕਿ ਕਿਵੇਂ ਪੰਜਾਬ ਨੂੰ ਲੁੱਟੀਦਾ ਹੈ। ਕੈਪਟਨ ਨੇ ਆਖਿਆ ਕਿ ਨਵੀਂ ਉਦਯੋਗਿਕ ਪਾਲਿਸੀ ਬਣਾ ਕੇ ਬਠਿੰਡਾ ਦੀ ਸਨਅਤੀ ਤਰੱਕੀ ਕੀਤੀ ਜਾਵੇਗੀ। ਬਠਿੰਡਾ ਸ਼ਹਿਰ ’ਚ ਹੋਈ ਚੋਣ ਰੈਲੀ ਵਿੱਚ ਅੱਜ ਸਾਬਕਾ ਵਿਧਾਇਕ ਗੁਰਜੰਟ ਸਿੰਘ ਕੁੱਤੀਵਾਲ ਤੇ ਤ੍ਰਿਣਮੂਲ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਣਬੀਰ ਸਿੰਘ ਸਿੱਧੂ ਨੇ ਕਾਂਗਰਸ ਵਿੱਚ ਸ਼ਮੂਲੀਅਤ ਕਰ ਲਈ ਹੈ।
ਕੈਪਟਨ ਅਮਰਿੰਦਰ ਨੇ ਆਖਿਆ ਕਿ ਬਾਦਲ ਸਰਕਾਰ ਨੇ ਲੰਘੇ ਵਰ੍ਹਿਆਂ ਵਿੱਚ ਪੰਜਾਬ ਵਿਚ ਪੰਜ ਲੱਖ ਝੂਠੇ ਕੇਸ ਦਰਜ ਕੀਤੇ ਹਨ ਜਿਨ੍ਹਾਂ ਨੂੰ ਇੱਕ ਮਹੀਨੇ ਵਿੱਚ ਰੱਦ ਕੀਤਾ ਜਾਵੇਗਾ। ਉਨ੍ਹਾਂ ਪੀਟੀਸੀ ਚੈੱਨਲ ਨੂੰ ਪਹਿਲੇ ਦਿਨ ਹੀ ਬੰਦ ਕਰਨ ਦਾ ਐਲਾਨ ਕੀਤਾ ਅਤੇ ਆਖਿਆ ਕਿ ਹੋਰ 20 ਨਵੇਂ ਚੈਨਲ ਚਲਾਏ ਜਾਣਗੇ। ਕੈਪਟਨ ਨੇ ਪੰਜਾਬ ਦੇ ਭਲੇ ਲਈ ਕਾਂਗਰਸ ਨੂੰ ਤਾਕਤ ਦੇਣ ਦੀ ਮੰਗ ਕੀਤੀ ਤੇ ‘ਆਪ’ ਨੂੰ ਵੀ ਰਗੜੇ ਲਾਏ।
ਬਠਿੰਡਾ ਸ਼ਹਿਰੀ ਤੋਂ ਕਾਂਗਰਸੀ ਉਮੀਦਵਾਰ ਮਨਪ੍ਰੀਤ ਬਾਦਲ ਨੇ ਆਖਿਆ ਕਿ ਐਤਕੀਂ ਮੁੜ ਬਠਿੰਡਾ ਦੇ ਲੋਕ ਹਰਸਿਮਰਤ ਬਾਦਲ ਦਾ ਘੁਮੰਡ ਤੋੜ ਦੇਣਗੇ। ਮਨਪ੍ਰੀਤ ਬਾਦਲ ਦੇ ਨੌਜਵਾਨ ਲੜਕੇ ਅਰਜਨ ਬਾਦਲ ਨੇ ਦੋਸ਼ ਲਾਇਆ ਕਿ ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਰੈਲੀ ਨੂੰ ਬਠਿੰਡਾ ਸ਼ਹਿਰੀ ਦੇ ਪ੍ਰਧਾਨ ਮੋਹਨ ਲਾਲ ਝੁੰਬਾ ਨੇ ਵੀ ਸੰਬੋਧਨ ਕੀਤਾ ਜਦੋਂ ਕਿ ਸਟੇਜ ਸੰਚਾਲਨ ਐਡਵੋਕੇਟ ਰਾਜਨ ਗਰਗ ਨੇ ਕੀਤਾ।
 

 

 

fbbg-image

Latest News
Magazine Archive