ਟਰੰਪ ‘ਤਾਜਪੋਸ਼ੀ’: 217 ਪ੍ਰਦਰਸ਼ਨਕਾਰੀ ਗ੍ਰਿਫ਼ਤਾਰ,

6 ਪੁਲੀਸ ਅਧਿਕਾਰੀ ਫੱਟੜ


ਵਾਸ਼ਿੰਗਟਨ- ਅਮਰੀਕਾ ਦੇ 45ਵੇਂ ਰਾਸ਼ਟਰਪਤੀ ਬਣੇ ਡੋਨਲਡ ਟਰੰਪ ਦੇ ਕੱਲ੍ਹ ਹਲਫ਼ਦਾਰੀ ਸਮਾਗਮ ਦੇ ਵਿਰੋਧ ਵਿੱਚ ਸੜਕਾਂ ’ਤੇ ਪ੍ਰਦਰਸ਼ਨ ਅਤੇ ਹਿੰਸਕ ਝੜਪਾਂ ਹੋਈਆਂ। ਗ਼ੈਰਸਮਾਜੀ ਤੱਤਾਂ ਨੇ ਇਕ ਕਾਰ ਨੂੰ ਅੱਗ ਲਗਾ ਦਿੱਤੀ ਅਤੇ ਤਕਰੀਬਨ ਅੱਧਾ ਦਰਜਨ ਸਟੋਰਾਂ ਵਿੱਚ ਭੰਨ-ਤੋੜ ਕੀਤੀ। ਇਸ ਦੌਰਾਨ ਛੇ ਪੁਲੀਸ ਅਧਿਕਾਰੀ ਫੱਟੜ ਹੋਏ ਅਤੇ 200 ਤੋਂ ਵੱਧ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨਾਲ ਝੜਪ ਬਾਅਦ ਵਾਸ਼ਿੰਗਟਨ ਵਿੱਚ ਘੱਟ ਤੋਂ ਘੱਟ ਦੋ ਪੁਲੀਸ ਮੁਲਾਜ਼ਮਾਂ ਅਤੇ ਹੋਰ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ। ਕਾਰਜਕਾਰੀ ਡੀਸੀ ਪੁਲੀਸ ਮੁਖੀ ਪੀਟਰ ਨੇ ਦੱਸਿਆ ਕਿ ਪੁਲੀਸ ਅਧਿਕਾਰੀਆਂ ਦੇ ਲੱਗੀਆਂ ਸੱਟਾਂ ਜਾਨਲੇਵਾ ਨਹੀਂ ਹਨ। ਸੀਐਨਐਨ ਦੀ ਰਿਪੋਰਟ ਮੁਤਾਬਕ 217 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਕੌਮੀ ਰਾਜਧਾਨੀ ਵਿੱਚ ਕੱਲ੍ਹ ਸਵੇਰੇ ਹੀ ਵੱਡੀ ਗਿਣਤੀ ਵਿੱਚ ਪ੍ਰਦਰਸ਼ਨਕਾਰੀ ਟਰੰਪ ਪ੍ਰਸ਼ਾਸਨ ਦੀਆਂ ਵੰਡ ਪਾਊ ਨੀਤੀਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਲਈ ਇਕੱਤਰ ਹੋ ਗਏ ਸਨ। ਬਾਅਦ ਵਿੱਚ ਟਰੰਪ ਜਦੋਂ ਹਲਫ਼ ਲੈਣ ਜਾ ਰਿਹਾ ਸੀ ਤਾਂ ਪ੍ਰਦਰਸ਼ਨਕਾਰੀਆਂ ਨੇ ਇਕ ਲਿਮੋਜ਼ਿਨ ਨੂੰ ਅੱਗ ਲਗਾ ਦਿੱਤੀ। ਪੁਲੀਸ ਨੇ ਯੂਐਸ ਕੈਪੀਟਲ ਨੇੜਿਓਂ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਮਿਰਚਾਂ ਵਾਲੀ ਸਪਰੇਅ ਅਤੇ ਹੋਰ ਢੰਗ ਤਰੀਕੇ ਵਰਤੇ। ਵਾਸ਼ਿੰਗਟਨ ਮੈਟਰੋਪਾਲਿਟਨ ਪੁਲੀਸ ਵਿਭਾਗ ਦੇ ਤਰਜਮਾਨ ਲੈਫਟੀ. ਸੀਨ ਕੌਨਬੌਇ ਨੇ ਦੱਸਿਆ ਕਿ ਉਨ੍ਹਾਂ ਨੇ ਸੰਪਤੀ ਦੀ ਭੰਨਤੋੜ ਤੇ ਤਬਾਹ ਕਰਨ ਦੇ ਦੋਸ਼ ਵਿੱਚ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐਨਬੀਸੀ ਨਿਊਜ਼ ਦੀ ਰਿਪੋਰਟ ਮੁਤਾਬਕ ਇਕ ਪ੍ਰਦਰਸ਼ਨਕਾਰੀ ਨੇ ‘ਟਰੰਪ ਟੋਪੀ’ ਸਾੜ ਦਿੱਤੀ। ਅਮਰੀਕਾ ਵਿੱਚ ਨਿਊਯਾਰਕ, ਸਿਆਟਲ, ਡੱਲਾਸ, ਸ਼ਿਕਾਗੋ ਅਤੇ ਪੋਰਟਲੈਂਡ ਸਮੇਤ ਕਈ ਸ਼ਹਿਰਾਂ ਵਿੱਚ ਟਰੰਪ ਵਿਰੋਧੀ ਪ੍ਰਦਰਸ਼ਨ ਹੋ ਰਹੇ ਹਨ।

 
Latest News
Magazine Archive