ਪਾਕਿਸਤਾਨ ਨੇ ਭਾਰਤੀ ਫੌਜੀ ਵਾਪਸ ਭੇਜਿਆ


ਅੰਮ੍ਰਿਤਸਰ/ਅਟਾਰੀ- ਭੁਲੇਖੇ ਨਾਲ ਸਰਹੱਦ ਪਾਰ ਕਰ ਕੇ ਪਾਕਿਸਤਾਨ ਗਏ ਭਾਰਤੀ ਫੌਜੀ ਚੰਦੂ ਬਾਬੂ ਲਾਲ ਚਵਾਨ (22) ਨੂੰ ਅੱਜ ਪਾਕਿਸਤਾਨ ਸਰਕਾਰ ਨੇ ਜਾਂਚ ਮਗਰੋਂ ਅਟਾਰੀ-ਵਾਹਗਾ ਸਰਹੱਦ ਰਸਤੇ ਭਾਰਤ ਹਵਾਲੇ ਕਰ ਦਿੱਤਾ। ਇੱਥੇ ਪੁੱਜਦਿਆਂ ਹੀ ਫੌਜੀ ਅਧਿਕਾਰੀ ਉਸ ਨੂੰ ਆਪਣੇ ਨਾਲ ਲੈ ਗਏ।
ਅੱਜ ਬਾਅਦ ਦੁਪਹਿਰ ਲਗਪਗ ਚਾਰ ਵਜੇ ਪਾਕਿਸਤਾਨੀ ਰੇਂਜਰਾਂ ਨੇ ਇਸ ਫੌਜੀ ਨੂੰ ਬੀਐਸਐਫ ਹਵਾਲੇ ਕੀਤਾ। ਪਾਕਿਸਤਾਨੀ ਰੇਂਜਰਾਂ ਨੇ ਉਸ ਦੀ ਵਰਦੀ ਅਤੇ ਹਥਿਆਰ ਵੀ ਵਾਪਸ ਕੀਤੇ ਹਨ। ਇਹ ਫੌਜੀ 29 ਸਤੰਬਰ ਨੂੰ ਕਸ਼ਮੀਰ ਸਰਹੱਦ ਰਸਤੇ ਪਾਕਿਸਤਾਨ ਦੇ ਕਬਜ਼ੇ ਹੇਠਲੇ ਮਕਬੂਜਾ ਕਸ਼ਮੀਰ ਵਿੱਚ ਚਲਾ ਗਿਆ ਸੀ, ਜਿੱਥੇ ਇਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਭਾਰਤੀ ਫੌਜ ਨੇ ਮਿਲਟਰੀ ਇੰਟੈਲੀਜੈਂਸ ਦੇ ਡਾਇਰੈਕਟਰ ਰਾਹੀਂ ਪਾਕਿਸਤਾਨ ਵਿਚਲੇ ਹਮਰੁਤਬਾ ਅਧਿਕਾਰੀਆਂ ਨਾਲ ਕਈ ਵਾਰ ਗੱਲਬਾਤ ਕੀਤੀ, ਜਿਸ ਤੋਂ ਬਾਅਦ ਅੱਜ ਇਸ ਨੂੰ ਰਿਹਾਅ ਕੀਤਾ ਗਿਆ।  ਚੰਦੂ ਭਾਰਤੀ ਫੌਜ ਦੀ 37ਵੀਂ ਰਾਸ਼ਟਰੀ ਰਾਈਫਲ  ਦਾ ਸਿਪਾਹੀ ਹੈ ਅਤੇ ਮਹਾਰਾਸ਼ਟਰ ਦੇ ਜ਼ਿਲ੍ਹੇ ਧੂਲੇ ਦੇ ਪਿੰਡ ਬੋਰਵਿਹਾਰ ਦਾ ਵਾਸੀ ਹੈ।  ਬੀਐਸਐਫ ਅਧਿਕਾਰੀਆਂ ਨੇ ਦੱਸਿਆ ਕਿ ਭਾਰਤੀ ਫੌਜ ਦੇ ਅਧਿਕਾਰੀ ਚੰਦੂ ਨੂੰ  ਲੈ ਗਏ ਹਨ। ਇਸ ਦੌਰਾਨ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੇ ਚੰਦੂ ਚਵਾਨ ਨੂੰ ਪਾਕਿਸਤਾਨ ਵੱਲੋਂ ਛੱਡਣ ਦਾ ਸਵਾਗਤ ਕੀਤਾ ਹੈ।

 

 

fbbg-image

Latest News
Magazine Archive