ਆਸਟਰੇਲੀਅਨ ਓਪਨ: ਮੱਰੇ, ਫੈਡਰਰ,

ਕਰਬਰ ਤੇ ਮੁਗੂਰੁਜ਼ਾ ਪ੍ਰੀ-ਕੁਆਰਟਰਜ਼ ਵਿੱਚ

ਮੈਲਬਰਨ-ਵਿਸ਼ਵ ਦਾ ਅੱਵਲ ਨੰਬਰ ਖਿਡਾਰੀ ਐਂਡੀ ਮੱਰੇ ਤੇ ਮਹਿਲਾ ਵਰਗ ’ਚ ਸਿਖਰਲਾ ਦਰਜਾ ਏਂਜਲੀਕ ਕਰਬਰ ਆਪੋ ਆਪਣੇ ਮੁਕਾਬਲੇ ਆਸਾਨੀ ਨਾਲ ਜਿੱਤ ਕੇ ਚੌਥੇ ਦੌਰ ’ਚ ਦਾਖ਼ਲ ਹੋ ਗਏ। ਸਵਿਟਜ਼ਰਲੈਂਡ ਦਾ ਰੌਜਰ ਫ਼ੈਡਰਰ ਤੇ ਜਪਾਨ ਦਾ ਕੇਈ ਨਿਸ਼ੀਕੋਰੀ ਵੀ ਸੌਖੀਆਂ ਜਿੱਤਾਂ ਨਾਲ ਪ੍ਰੀ-ਕੁਆਰਟਰ ਫਾਈਨਲ ਗੇੜ ’ਚ ਪੁੱਜ ਗਏ। ਉਂਜ ਸਟੇਨਿਸਲਾਸ ਵਾਵਰਿੰਕਾ ਤੇ ਫਰਾਂਸ ਦੇ ਜੋਅ ਵਿਲਫਰੈਡ ਸੋਂਗਾ ਨੂੰ ਅਗਲੇ ਗੇੜ ’ਚ ਦਾਖ਼ਲ ਹੋਣ ਲਈ ਥੋੜ੍ਹਾ ਪਸੀਨਾ ਵਹਾਉਣਾ ਪਿਆ। ਮਹਿਲਾ ਵਰਗ ’ਚ ਸਪੇਨ ਦੀ ਗੈਰਬਾਇਨ ਮੁਗੂਰੁਜ਼ਾ ਤੇ ਅਮਰੀਕਾ ਦੀ ਵੀਨਸ ਵਿਲੀਅਮਜ਼ ਵੀ ਚੌਥੇ ਦੌਰ ’ਚ ਥਾਂ ਬਣਾਉਣ ਵਿੱਚ ਸਫ਼ਲ ਰਹੀਆਂ।
ਦੂਜਾ ਦਰਜਾ ਅਤੇ ਛੇ ਵਾਰ ਦੇ ਚੈਂਪੀਅਨ ਨੋਵਾਕ ਜੋਕੋਵਿਚ ਦੇ ਬੀਤੇ ਦਿਨ ਉਲਟਫੇਰ ਦਾ ਸ਼ਿਕਾਰ ਹੋਣ ਮਗਰੋਂ ਮੱਰੇ ਆਪਣੇ ਪਲੇਠੇ ਆਸਟਰੇਲੀਅਨ ਓਪਨ ਖ਼ਿਤਾਬ ਨੂੰ ਜਿੱਤਣ ਦੀ ਤਾਕ ਵਿੱਚ ਹੈ। ਮੱਰੇ ਨੇ ਅੱਜ ਤੀਜੇ ਦੌਰ ਦੇ ਮੁਕਾਬਲੇ ਵਿੱਚ ਆਸਟਰੇਲੀਆ ਦੇ ਸੈਮ ਕੁਐਰੀ ਨੂੰ ਦੋ ਘੰਟੇ ਤਕ ਚੱਲੇ ਮੁਕਾਬਲੇ ’ਚ 6-4, 6-2, 6-4 ਦੀ ਸ਼ਿਕਸਤ ਦਿੱਤੀ। ਇਸ ਦੌਰਾਨ ਬਰਤਾਨਵੀ ਖਿਡਾਰੀ ਨੇ ਆਪਣੀ ਸਰਵਿਸ ’ਤੇ 77 ਫੀਸਦ ਅੰਕ ਜਿੱਤੇ ਤੇ ਸਿਰਫ਼ ਤਿੰਨ ਬ੍ਰੇਕ ਪੁਆਇੰਟਾਂ ਦਾ ਸਾਹਮਣਾ ਕੀਤਾ। ਮੱਰੇ ਅਗਲੇ ਦੌਰ ’ਚ ਮਿਸ਼ਚਾ ਜ਼ੇਵੇਰੇਵ ਨਾਲ ਖੇਡੇਗਾ ਜਿਸ ਨੇ ਟਿਊਨੀਸ਼ੀਆ ਦੇ ਮਾਲੇਗ ਜਾਜਿਰੀ ਨੂੰ ਚਾਰ ਸੈੱਟ ਦੇ ਮੁਕਾਬਲੇ ’ਚ ਬਾਹਰ ਦਾ ਰਾਹ ਵਿਖਾਇਆ। ਸਵਿਟਜ਼ਰਲੈਂਡ ਦੇ ਰੌਜਰ ਫ਼ੈਡਰਰ ਨੇ ਚੈੱਕ ਗਣਰਾਜ ਦੇ ਟੌਮਸ ਬਰਡੀਚ ਨੂੰ ਸਿੱਧੇ ਸੈੱਟਾਂ ਵਿੱਚ 6-2, 6-4, 6-4 ਨਾਲ ਹਰਾਇਆ। ਉਧਰ 2014 ਦਾ ਚੈਂਪੀਅਨ ਸਟੇਨਿਸਲਾਸ ਵਾਵਰਿੰਕਾ ਸਰਬੀਆ ਦੇ ਵਿਕਟਰ ਟਰੋਇਕੀ ਨੂੰ ਚਾਰ ਸੈੱਟ ਤਕ ਚੱਲੇ ਮੁਕਾਬਲੇ ’ਚ 3-6, 6-2, 6-2, 7-6 ਨਾਲ ਸ਼ਿਕਸਤ ਦੇਣ ’ਚ ਸਫ਼ਲ ਰਿਹਾ। ਹੁਣ ਉਸ ਦਾ ਟਾਕਰਾ ਇਟਲੀ ਦੇ ਆਂਦਰਿਆਸ ਸੈਪੀ ਨਾਲ ਹੋਵੇਗਾ ਜਿਸ ਨੇ ਆਖਰੀ 32 ਦੇ ਗੇੜ ’ਚ ਬੈਲਜੀਅਮ ਦੇ ਸਟੀਵ ਡਾਰਸਿਸ ਨੂੰ ਹਰਾਇਆ।
ਜੋਅ ਵਿਲਫਰੈੱਡ ਸੋਂਗਾ ਨੇ ਵੀ ਚਾਰ ਸੈੱਟ ਦੇ ਮੁਕਾਬਲੇ ’ਚ ਅਮਰੀਕਾ ਦੇ ਜੈਸ ਸੋਕ ਨੂੰ ਮਾਤ ਦਿੱਤੀ ਤੇ ਹੁਣ ਉਹ ਬ੍ਰਿਟੇਨ ਦੇ ਡੈਨ ਇਵਾਂਸ ਨਾਲ ਮੱਥਾ ਲਾਏਗਾ ਜਿਸ ਨੇ ਆਸਟਰੇਲੀਆ ਦੇ ਬਰਨਾਰਡ ਟਾਮਿਚ ਨੂੰ ਰੋਮਾਂਚਕ ਮੁਕਾਬਲੇ ’ਚ 7-5, 7-6, 7-6 ਦੀ ਸ਼ਿਕਸਤ ਦਿੱਤੀ।
ਮਹਿਲਾਵਾਂ ’ਚ ਜਰਮਨੀ ਦੀ ਏਂਜਲੀਕ ਕਰਬਰ ਨੂੰ ਚੈੱਕ ਗਣਰਾਜ ਦੀ ਪੰਜਵਾਂ ਦਰਜਾ ਕੈਰੋਲੀਨਾ ਦੀ ਜੌੜੀ ਭੈਣ ਕ੍ਰਿਸਟੀਨਾ ਪਲਿਸਕੋਵਾ ਖ਼ਿਲਾਫ਼ 6-0, 6-4 ਦੀ ਸੌਖੀ ਜਿੱਤ ਨਸੀਬ ਹੋਈ। ਹੋਰਨਾਂ ਮੁਕਾਬਲਿਆਂ ’ਚ ਸਪੈਨਿਸ਼ ਖਿਡਾਰਨ ਗੈਰਬਾਇਨ ਮੁਗੂਰੁਜ਼ਾ ਨੇ ਲਾਤਵੀਆ ਦੀ ਅਨਸਤਾਸੀਜਾ ਸੇਵਾਸਤੋਵਾ ਨੂੰ 6-4, 6-2 ਨਾਲ ਬਾਹਰ ਕਰ ਦਿੱਤਾ। ਵੀਨਸ ਵਿਲੀਅਮਜ਼ ਨੇ ਚੀਨ ਦੀ ਦੁਆਨ ਯਿੰਗਯਿੰਗ ਨੂੰ 6-1, 6-0 ਤੇ ਰੂਸ ਦੀ ਸਵੇਤਲਾਨਾ ਕੁਜਨੇਤਸੋਵਾ ਨੇ ਹਮਵਤਨ ਯੇਲੇਨਾ ਯਾਂਕੋਵਿਚ ਨੂੰ 6-4, 5-7 ਤੇ 9-7 ਨਾਲ ਮਾਤ ਦਿੱਤੀ।

 

 

fbbg-image

Latest News
Magazine Archive