ਕੈਪਟਨ ਤੇ ਸਿੱਧੂ ’ਚ ਬਣੀ

ਪਿਓ-ਪੁੱਤ ਵਾਲੀ ਸਾਂਝ

ਅੰਮ੍ਰਿਤਸਰ-ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਵਿੱਚ ਸ਼ਾਮਲ ਹੋਏ ਨਵਜੋਤ ਸਿੰਘ ਸਿੱਧੂ ਨੇ ਆਪਣਾ ਰਿਸ਼ਤਾ ਪਿਓ-ਪੁੱਤਰ ਵਾਲਾ  ਦੱਸਿਆ ਹੈ। ਅੱਜ ਇਨ੍ਹਾਂ ਦੋਵਾਂ ਆਗੂਆਂ ਵੱਲੋਂ ਇੱਥੇ ਇੱਕ ਸਾਂਝਾ ਪੱਤਰਕਾਰ ਸੰਮੇਲਨ ਸੱਦਿਆ ਗਿਆ ਸੀ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਸੱਤਾ ਵਿੱਚ ਆਉਣ ਮਗਰੋਂ ਨਸ਼ਿਆਂ ਦੇ ਕਾਰੋਬਾਰ ਮਾਮਲੇ ’ਚ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਦਿੱਤੀ  ਕਲੀਨ ਚਿੱਟ ਦੀ ਮੁੜ ਜਾਂਚ ਕਰਵਾਈ ਜਾਵੇਗੀ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ।
ਸ੍ਰੀ ਸਿੱਧੂ ਦੀ ਕਾਂਗਰਸ ਵਿੱਚ ਸ਼ਮੂਲੀਅਤ ਮਗਰੋਂ ਇੱਥੇ ਕਾਂਗਰਸ ਵੱਲੋਂ ਪਹਿਲੀ ਵਾਰ ਇਹ ਸਾਂਝਾ ਪੱਤਰਕਾਰ ਸੰਮੇਲਨ ਸੱਦਿਆ ਗਿਆ ਸੀ, ਜਿਸ ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੋਵੇਂ ਸ਼ਾਮਲ ਸਨ।
ਪੱਤਰਕਾਰ ਸੰਮੇਲਨ ਦੌਰਾਨ ਜਦੋਂ ਦੋਵਾਂ ਦੇ ਆਪਸੀ ਸਬੰਧ ਬਾਰੇ ਸਵਾਲ ਕੀਤਾ ਗਿਆ ਤਾਂ ਕਾਂਗਰਸੀ ਪ੍ਰਧਾਨ ਨੇ ਸ੍ਰੀ ਸਿੱਧੂ ਨੂੰ ਆਪਣੇ ਬੇਟੇ ਅਤੇ ਸ੍ਰੀ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਪਿਤਾ ਸਮਾਨ ਦੱਸਿਆ। ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਸਿੱਧੂ ਪਰਿਵਾਰ ਨਾਲ ਉਨ੍ਹਾਂ ਦਾ ਪੁਰਾਣਾ ਸਬੰਧ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸ੍ਰੀ ਸਿੱਧੂ ਕਾਂਗਰਸ ਵਿੱਚ ਬਿਨਾਂ ਕਿਸੇ ਸ਼ਰਤ ਸ਼ਾਮਲ ਹੋਏ ਹਨ। ਇਸ ਮੌਕੇ ਸ੍ਰੀ ਸਿੱਧੂ ਨੇ ਵੀ ਕਾਂਗਰਸ ਵਿੱਚ ਅਹੁਦਾ ਲੈਣ ਦੀਆਂ ਕਿਆਸਅਰਾਈਆਂ ਨੂੰ ਖਾਰਜ ਕਰ ਦਿੱਤਾ। ਕੈਪਟਨ ਅਮਰਿੰਦਰ ਸਿੰਘ ਕੋਲੋਂ ਜਦੋਂ ਇਹ ਪੁੱਛਿਆ ਗਿਆ ਕਿ ਕੀ ਉਹ ਕਾਂਗਰਸ ਸਰਕਾਰ ਆਉਣ ‘ਤੇ ਸ੍ਰੀ ਸਿੱਧੂ  ਨੂੰ ਮੁੱਖ ਮੰਤਰੀ ਵਜੋਂ ਸਵੀਕਾਰ ਕਰਨਗੇ ਤਾਂ ਪੱਤਰਕਾਰ ਨੂੰ ਟੋਕਦਿਆਂ ਸ੍ਰੀ ਸਿੱਧੂ ਨੇ ਇਸ ਸਵਾਲ ਦਾ ਜਵਾਬ ਜੁਮਲੇ ਵਿੱਚ ਦਿੱਤਾ। ਕਾਂਗਰਸੀ ਪ੍ਰਧਾਨ ਨੇ ਸ੍ਰੀ ਸਿੱਧੂ ਦੀ ਕਾਂਗਰਸ ਵਿੱਚ ਸ਼ਮੂਲੀਅਤ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਖੁਦ ਨੂੰ ਸਾਬਕਾ ਕ੍ਰਿਕਟਰ ਦਾ ਵਿਕਟ ਕੀਪਰ ਦੱਸਿਆ ਜਦਕਿ ਕੋਲ ਬੈਠੀ ਕਾਂਗਰਸ ਦੀ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਨੇ ਖ਼ੁਦ ਨੂੰ ਅੰਪਾਇਰ ਆਖਿਆ। ਪੱਤਰਕਾਰ ਸੰਮੇਲਨ ਵਿੱਚ ਵਧੇਰੇ ਤੌਰ ‘ਤੇ ਸ੍ਰੀ ਸਿੱਧੂ ਚੁੱਪ ਰਹੇ ਅਤੇ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਪੱਤਰਕਾਰਾਂ ਨਾਲ ਗੱਲ ਕਰਨ ਦਾ ਮੌਕਾ ਦਿੱਤਾ ਤੇ ਪੁੱਛੇ ਕਈ ਸਵਾਲਾਂ ਨੂੰ ਟਾਲ ਵੀ ਦਿੱਤਾ। ਇਸ ਮੌਕੇ ਸਾਬਕਾ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਕਾਂਗਰਸ ਸਰਕਾਰ ਆਉਣ ‘ਤੇ ਵੱਖ-ਵੱਖ ਸ਼ਹਿਰਾਂ ਵਿੱਚ ਵਿਕਾਸ ਅਥਾਰਟੀਆਂ ਮੁੜ ਬਹਾਲ ਹੋਣਗੀਆਂ ਅਤੇ ਉਨ੍ਹਾਂ ਨੂੰ ਸ਼ਹਿਰੀ ਵਿਕਾਸ ਲਈ ਵੱਡੇ ਫੰਡ ਵੀ ਦਿੱਤੇ ਜਾਣਗੇ। ਬਾਦਲਾਂ ਖ਼ਿਲਾਫ਼ ਨਰਮ ਰੁਖ ਅਖ਼ਤਿਆਰ ਕਰਨ ਦੇ ਲੱਗ ਰਹੇ ਦੋਸ਼ਾਂ ਦਾ ਜਵਾਬ ਦਿੰਦਿਆਂ ਕਾਂਗਰਸੀ ਆਗੂ ਨੇ ਆਖਿਆ ਕਿ ਮੀਡੀਆ ਇਹ ਚਾਹੁੰਦਾ ਹੈ ਕਿ ਹੁਣ ਬਾਦਲਾਂ ਨੂੰ ਕੁੱਟਿਆ ਜਾਵੇ। ਉਨ੍ਹਾਂ ਆਖਿਆ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਵਾਸਤੇ ਹੀ ਉਹ ਲੰਬੀ ਤੋਂ ਚੋਣ ਲੜ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਲੰਬੀ ਹਲਕੇ ਦੇ ਪਿੰਡਾਂ ਵਿੱਚ ਅਕਾਲੀਆਂ ਪ੍ਰਤੀ ਭਾਰੀ ਰੋਸ ਹੈ ਅਤੇ ਲੋਕ ਇਸ ਵਾਰ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾਉਣਗੇ। ‘ਆਪ’ ਅਤੇ ਅਰਵਿੰਦ ਕੇਜਰੀਵਾਲ ਬਾਰੇ ਗੱਲ ਕਰਦਿਆਂ ਉਨ੍ਹਾਂ ਆਖਿਆ ਕਿ ਉਹ ਅਸਪੱਸ਼ਟ ਵਿਅਕਤੀ ਹਨ ਜੋ ਪੰਜਾਬ ਚੋਣਾਂ ਵਿੱਚ ਬੌਖਲਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਸਮੇਂ ਸਨਅਤ ਨੂੰ ਭਾਰੀ ਢਾਹ ਲੱਗੀ ਹੈ ਜਿਸਨੂੰ ਕਾਂਗਰਸੀ ਸਰਕਾਰ ਆਉਣ ‘ਤੇ ਮੁੜ ਪੈਰਾਂ ਸਿਰ ਕੀਤਾ ਜਾਵੇਗਾ।

 
Latest News
Magazine Archive