ਮੂਰਥਲ ਵਿੱਚ ਜਬਰਜਨਾਹ ਦੀਆਂ ਘਟਨਾਵਾਂ ਵਾਪਰੀਆਂ: ਹਾਈ ਕੋਰਟ

ਚੰਡੀਗੜ੍ਹ- ਮੂਰਥਲ ਵਿੱਚ ਜਬਰਜਨਾਹ ਦੀਆਂ ਘਟਨਾਵਾਂ ਬਾਰੇ ਸਾਰੇ ਸ਼ੱਕ ਸ਼ੁਬਹੇ ਦੂਰ ਕਰਦਿਆਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੱਜ ਕਿਹਾ ਕਿ ‘‘ਪ੍ਰਤੱਖ ਤੌਰ ਉਤੇ ਜਬਰਜਨਾਹ ਦੀਆਂ ਘਟਨਾਵਾਂ ਵਾਪਰੀਆਂ ਹਨ।’’
ਟਿ੍ਰਬਿਊਨ ਸਮੂਹ ਦੇ ਅਖ਼ਬਾਰਾਂ ਵਿੱਚ ਛਪੀਆਂ ਰਿਪੋਰਟਾਂ ਉਤੇ ਆਪੇ ਨੋਟਿਸ ਲੈ ਕੇ ਸੁਣਵਾਈ ਕਰ ਰਹੇ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਨੇ ਕਿਹਾ ਕਿ ਜਬਰਜਨਾਹ ਦੇ ਦੋਸ਼ ਨਿਰਆਧਾਰ ਨਹੀਂ ਹਨ। ਲੋਕਾਂ ਦਾ ਕਾਨੂੰਨ ਵਿੱਚ ਵਿਸ਼ਵਾਸ ਪੱਕਾ ਕਰਨ ਲਈ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰਨ ਦੀ ਲੋੜ ਹੈ। ਜਸਟਿਸ ਐਸ.ਐਸ. ਸਾਰੋਂ ਅਤੇ ਜਸਟਿਸ ਦਰਸ਼ਨ ਸਿੰਘ ਦੇ ਬੈਂਚ ਦੀਆਂ ਇਹ ਟਿੱਪਣੀਆਂ ਹਰਿਆਣਾ ਸਰਕਾਰ ਦੇ ਦਾਅਵੇ ਦੇ ਉਲਟ ਹਨ, ਜੋ 10 ਮਹੀਨਿਆਂ ਤੋਂ ਜਬਰਜਨਾਹ ਦੀਆਂ ਘਟਨਾਵਾਂ ਨੂੰ ਨਕਾਰ ਰਹੀ ਹੈ। ਇਹ ਟਿੱਪਣੀਆਂ ਸੀਬੀਆਈ ਵੱਲੋਂ ਪੇਸ਼ ਹੋਏ ਵਕੀਲ ਸੁਮੀਤ ਗੋਇਲ ਵੱਲੋਂ ਬੈਂਚ ਨੂੰ ਦੱਸਣ ਕਿ ਇਹ ਪ੍ਰਮੁੱਖ ਜਾਂਚ ਏਜੰਸੀ ਅਦਾਲਤੀ ਹੁਕਮਾਂ ਉਤੇ ਇਸ ਦੀ ਜਾਂਚ ਲਈ ਪਾਬੰਦ ਹੈ, ਤੋਂ ਇਕ ਦਿਨ ਬਾਅਦ ਆਈਆਂ।
ਖੁੱਲ੍ਹੀ ਅਦਾਲਤ ਵਿੱਚ ਹੁਕਮ ਸੁਣਾਉਂਦਿਆਂ ਬੈਂਚ ਨੇ ਜ਼ੋਰ ਦਿੱਤਾ ਕਿ ਇਸ ਕੇਸ ਵਿੱਚ ਜਾਂਚ ਲਈ ਬਣੀ ਵਿਸ਼ੇਸ਼ ਜਾਂਚ ਟੀਮ (ਸਿੱਟ) ਮੂਰਥਲ ਵਿੱਚ ਜਬਰਜਨਾਹ ਤੇ ਅਗਵਾ ਦੇ ਦੋਸ਼ੀਆਂ ਨੂੰ ਲੱਭਣ ਲਈ ਹਰ ਕੋਸ਼ਿਸ਼ ਕਰੇ। ਬੌਬੀ ਜੋਸ਼ੀ ਤੇ ਰਾਜ ਕੁਮਾਰ ਨਾਂ ਦੇ ਦੋ ਗਵਾਹਾਂ ਦੇ ਬਿਆਨਾਂ ਦਾ ਹਵਾਲਾ ਦਿੰਦਿਆਂ ਬੈਂਚ ਨੇ ਕਿਹਾ ਕਿ ਔਰਤਾਂ ਨੂੰ ਘੜੀਸ ਕੇ ਖੇਤਾਂ ਵਿੱਚ ਲਿਜਾਇਆ ਗਿਆ। ਮੂਰਥਲ ਦੇ ਖੇਤਾਂ ਵਿੱਚ ਮਨੁੱਖੀ ਵੀਰਜ ਲੱਗੇ ਔਰਤਾਂ ਦੇ ਅੰਦਰੂਨੀ ਕੱਪੜੇ ਮਿਲੇ ਹਨ, ਜਿਸ ਤੋਂ ਜਬਰਜਨਾਹ ਦੀ ਪੁਸ਼ਟੀ ਹੁੰਦੀ ਹੈ।
ਬੈਂਚ ਨੇ ਦਾਅਵਾ ਕੀਤਾ ਕਿ ਹਰਿਆਣਾ ਸਰਕਾਰ ਦੇ ਰੁਖ਼ ਬਾਰੇ ਅਦਾਲਤ ਦਾ ਇਹ ਨਿਸਚਾ ਹੈ ਕਿ ਜਬਰਜਨਾਹ ਹੋਏ ਸੀ ਪਰ ਵਿਸ਼ੇਸ਼ ਜਾਂਚ ਟੀਮ ਦੋਸ਼ੀਆਂ ਤੇ ਪੀੜਤਾਂ ਨੂੰ ਲੱਭਣ ਵਿੱਚ ਨਾਕਾਮ ਰਹੀ। ਇਨ੍ਹਾਂ ਟਿੱਪਣੀਆਂ ਦੇ ਜਵਾਬ ਵਿੱਚ ਹਰਿਆਣਾ ਦੇ ਵਧੀਕ ਐਡਵੋਕੇਟ ਜਨਰਲ ਪਵਨ ਗਿਰਧਰ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਜਾਂਚ ਚੱਲ ਰਹੀ ਹੈ ਪਰ ਕੋਈ ਪੀੜਤ ਜਾਂ ਗਵਾਹ ਨਹੀਂ ਹੈ। ਉਹ ਜਬਰਜਨਾਹ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕਰ ਰਹੇ ਪਰ ਛੇੜਛਾੜ ਜ਼ਰੂਰ ਹੋਈ ਸੀ। ਇਸ ’ਤੇ ਬੈਂਚ ਨੇ ਦ੍ਰਿੜ੍ਹਤਾ ਨਾਲ ਆਖਿਆ ਕਿ ਬੌਬੀ ਜੋਸ਼ੀ ਤੇ ਰਾਜ ਕੁਮਾਰ ਦੇ ਬਿਆਨ ਹਨ। ਇਸ ਤੋਂ ਇਲਾਵਾ ਕੱਪੜਿਆਂ ’ਤੇ ਵੀਰਜ ਮਿਲਿਆ। ਕੀ ਇਸ ਤੋਂ ਜਬਰਜਨਾਹ ਦਾ ਪਤਾ ਨਹੀਂ ਚਲਦਾ। ਹੁਕਮ ਸੁਣਾਉਣ ਮਗਰੋਂ ਬੈਂਚ ਨੇ ਸੁਣਵਾਈ ਦੀ ਅਗਲੀ ਤਰੀਕ 28 ਫਰਵਰੀ ਤੈਅ ਕੀਤੀ।
 

 

fbbg-image

Latest News
Magazine Archive