ਕਾਂਗਰਸ ਵੱਲੋਂ ਮਹੀਨੇ ’ਚ ਨਸ਼ਿਆਂ ਦੇ ਖ਼ਾਤਮੇ ਦਾ ਵਾਅਦਾ

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਅਗਵਾਈ ਹੇਠ ਕੈਪਟਨ ਨੇ ਜਾਰੀ ਕੀਤਾ ਚੋਣ ਮਨੋਰਥ ਪੱਤਰ
*   ਖੇਤੀ ਕਰਜ਼ੇ ਮੁਆਫ਼ ਕਰਨ ਅਤੇ ਮੁਫ਼ਤ ਬਿਜਲੀ ਦੇਣ ਦੇ ਵਾਅਦੇ
*    ਨੌਕਰੀਆਂ ’ਚ ਮਹਿਲਾਵਾਂ ਨੂੰ ਮਿਲੇਗਾ 33 ਫ਼ੀਸਦੀ ਰਾਖਵਾਂਕਰਨ
*    ਕੁੜੀਆਂ ਦੀ ਪੀਐਚਡੀ ਤੱਕ ਪੜ੍ਹਾਈ ਮੁਫ਼ਤ  
*    ਬੇਰੁਜ਼ਗਾਰ ਨੌਜਵਾਨਾਂ ਨੂੰ 2500 ਰੁਪਏ ਦਿੱਤੇ ਜਾਣਗੇ 
ਨਵੀਂ ਦਿੱਲੀ, 9 ਜਨਵਰੀ - ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਅੱਜ ਇਥੇ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ ਜਿਸ ’ਚ ਪਾਰਟੀ ਦੀ ਸਰਕਾਰ ਬਣਨ ’ਤੇ ਚਾਰ ਹਫ਼ਤਿਆਂ ਅੰਦਰ ਨਸ਼ੇ ਖ਼ਤਮ ਕਰਨ, ਖੇਤੀ ਕਰਜ਼ੇ ਮੁਆਫ਼ ਕਰਨ, ਮੁਫ਼ਤ ਬਿਜਲੀ ਦੇਣ, ਦਰਿਆਈ ਪਾਣੀ ਹੋਰ ਕਿਸੇ ਨੂੰ ਨਾ ਦੇਣ, ਨੌਜਵਾਨਾਂ ਨੂੰ 2500 ਰੁਪਏ ਬੇਰੁਜ਼ਗਾਰੀ ਭੱਤਾ, ਮਹਿਲਾਵਾਂ ਨੂੰ ਸਰਕਾਰੀ ਨੌਕਰੀਆਂ ਵਿੱਚ 33 ਫ਼ੀਸਦੀ ਰਾਖਵਾਂਕਰਨ ਦੇਣ, ਲੜਕੀਆਂ ਲਈ ਪਹਿਲੀ ਤੋਂ ਪੀਐਚਡੀ ਤਕ ਮੁਫ਼ਤ ਸਿੱਖਿਆ ਆਦਿ ਜਿਹੇ ਅਹਿਮ ਵਾਅਦੇ ਕੀਤੇ ਗਏ ਹਨ। ਚੋਣ ਮਨੋਰਥ ਪੱਤਰ ਜਾਰੀ ਕਰਦਿਆਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਦੋਸ਼ ਲਾਇਆ ਕਿ ਪਿਛਲੇ 10 ਸਾਲਾਂ ’ਚ ਅਕਾਲੀ-ਭਾਜਪਾ ਸਰਕਾਰ ਨੇ ਸੂਬੇ ਨੂੰ ਤਬਾਹ ਕਰ ਕੇ ਰੱਖ ਦਿੱਤਾ ਜਿਸ ਨੂੰ ਲੀਹ ’ਤੇ ਲਿਆਉਣ ਲਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੀ ਲੋੜ ਹੈ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਸੂਬੇ ’ਚ ਸਰਕਾਰ ਬਣਨ ’ਤੇ ਪੰਜ ਸਾਲਾਂ ਅੰਦਰ 25 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ। ਉਨ੍ਹਾਂ ਨਸ਼ੇ ਅਤੇ ਭ੍ਰਿਸ਼ਟਾਚਾਰ ’ਤੇ ਸਖ਼ਤ ਕਾਰਵਾਈ ਦੇ ਵਾਅਦੇ ਨਾਲ ਹੀ 90 ਦਿਨਾਂ ਅੰਦਰ ਨਵੀਂ ਸਨਅਤੀ ਨੀਤੀ ਲਿਆਉਣ, ਵੀਆਈਪੀ ਸਭਿਆਚਾਰ ਖ਼ਤਮ ਕਰਨ ਅਤੇ ਆਰਥਿਕ ਸੁਧਾਰਾਂ ਦਾ ਵੀ ਵਾਅਦਾ ਕੀਤਾ। ਸਤਲੁਜ ਯਮੁਨਾ ਲਿੰਕ ਨਹਿਰ ਮੁੱਦੇ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ ਕੋਲ ਹੋਰਾਂ ਨੂੰ ਦੇਣ ਲਈ ਵਾਧੂ ਪਾਣੀ ਨਹੀਂ ਹੈ ਅਤੇ ਸਰਕਾਰ ਬਣਨ ਤੋਂ ਬਾਅਦ ਵਿਧਾਨ ਸਭਾ ’ਚ ਸੂਬੇ ਦਾ ਪਾਣੀ ਕਿਸੇ ਹੋਰ ਨੂੰ ਨਾ ਦੇਣ ਲਈ ਕਾਨੂੰਨ ਪਾਸ ਕੀਤਾ ਜਾਵੇਗਾ। ਕੈਪਟਨ ਨੇ ਕਿਹਾ ਕਿ ਰਾਜਿੰਦਰ ਕੌਰ ਭੱਠਲ ਦੀ ਅਗਵਾਈ ਹੇਠ ਟੀਮ ਨੇ ਛੇ ਮਹੀਨੇ ਲਾ ਕੇ ਮੈਨੀਫੈਸਟੋ ਤਿਆਰ ਕੀਤਾ ਹੈ ਅਤੇ ਇਸ ’ਚ ਮਨਮੋਹਨ ਸਿੰਘ ਕੋਲੋਂ ਵੀ ਰਾਇ ਲਈ ਗਈ ਹੈ।
 

 

fbbg-image

Latest News
Magazine Archive